Book Synopsis
ਹੋਮਿਓਪੈਥੀ ਕੇਵਲ ਇਕ ਚੱਕਿਤਸਾ ਪੱਧਤੀ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਲਈ ਕੁਦਰਤ ਦਾ ਇਕ ਵੱਡਮੂਲਾ ਤੋਹਫਾ ਹੈ। ਉਂਜ ਤਾਂ ਇਸ ਦੇ ਮੂਲ ਸਿਧਾਂਤਾਂ ਦਾ ਦੁਨੀਆਂ ਨੂੰ ਮੋਟੇ ਰੂਪ ਵਿਚ ਸਦੀਆਂ ਤੋਂ ਪਤਾ ਸੀ ਪਰ ਅਠਾਰਵੀਂ ਸਦੀ ਦੇ ਅੰਤ ਵਿਚ ਡਾਕਟਰ ਸੈਮੂਅਲ ਹੈਨੀਮੈਨ ਨੇ ਇਸ ਨੂੰ ਵਿਧੀਵਤ ਰੂਪ ਵਿਚ ਸਥਾਪਤ ਕੀਤਾ। ਇਸ ਇਲਾਜ਼ ਪ੍ਰਣਾਲੀ ਨੇ ਜੱਟਿਲ ਤੋਂ ਜੱਟਿਲ ਰੋਗਾਂ ਦਾ ਇਲਾਜ਼ ਸੰਭਵ ਕੀਤਾ ਹੈ ਤੇ ਮੈਡੀਕਲ ਸਾਇੰਸ ਨੂੰ ਠੋਸ ਅਰਥਾਂ ਵਿਚ ਇਕ ਸਹੀ ਤੇ ਵਿਗਿਆਨਕ ਸੇਧ ਦਿੱਤੀ ਹੈ।
ਮੌਜ਼ੂਦਾ ਐਲੋਪੈਥਿਕ ਸਿਸਟਮ ਅਧੁਨਿਕ ਫਾਰਮੇਸੀਆਂ ਵਿਚ ਤਿਆਰ ਕੀਤੇ ਮਨਸੂਈ ਰਸਾਇਣਕ ਸੰਯੋਗਾਂ ਨੂੰ ਦਵਾਈਆਂ ਦੇ ਤੌਰ ਤੇ ਵਰਤਦਾ ਹੈ। ਅੱਜ ਕੱਲ ਦੇ ਐਲੋਪੈਥਿਕ ਡਾਕਟਰ ਇਹਨਾਂ ਕੌੜੀਆਂ ਕਸਿਆਲੀਆਂ ਤੇ ਸ਼ਰੀਰ ਦੇ ਜੈਵਾਣੂ-ਤੱਤਾਂ ਨੂੰ ਨਸ਼ਟ ਕਰਨ ਵਾਲੀਆਂ ਦਵਾਈਆਂ ਨੂੰ ਕੈਪਸੂਲਾਂ ਵਿਚ ਬੰਦ ਕਰਕੇ ਜਾਂ ਟੀਕਿਆਂ ਰਾਹੀਂ ਮਨੁੱਖੀ ਦੇਹ ਵਿਚ ਦਾਖਲ ਕਰਦੇ ਹਨ। ਇਸ ਇਲਾਜ਼ ਪ੍ਰਣਾਲੀ ਰਾਹੀਂ ਰੋਗਾਂ ਦਾ ਇਲਾਜ਼ ਤਾਂ ਮੁਸ਼ਕਿਲ ਹੁੰਦਾ ਹੀ ਹੈ ਨਾਲ ਗੈਰ-ਕੁਦਰਤੀ ਰਸਾਇਣਕ ਪਦਾਰਥਾਂ ਦੀਆਂ ਠੋਸ ਮਾਤਰਾਵਾਂ ਦੇ ਅਸਰ ਹੇਠ ਰੋਗਾਂ ਦੀਆਂ ਅਸਲ ਅਲਾਮਤਾਂ ਵੀ ਖੁਰਦ ਬੁਰਦ ਹੋ ਜਾਂਦੀਆਂ ਹਨ। ਇਹਨਾਂ ਦਵਾਈਆਂ ਦੇ ਮਾਰੂ ਅਸਰਾਂ ਕਾਰਣ ਰੋਗਾਂ ਦੀਆਂ ਮੁਢਲੀਆਂ ਨਿਸ਼ਾਨੀਆਂ ਤੀਕਰ ਪਹੁੰਚਣਾ ਕੱਠਿਨ ਹੋ ਜਾਂਦਾ ਹੈ ਤੇ ਉਹਨਾਂ ਦੇ ਭੱਵਿਖ ਵਿਚ ਠੀਕ ਹੋਣ ਦੀ ਆਸ ਵੀ ਖਤਮ ਹੋ ਜਾਂਦੀ ਹੈ। ਇਕ ਪਾਸੇ ਸ਼ਰੀਰ ਵਿਚ ਦਬੀਆਂ ਮਰਜ਼ਾਂ ਘਾਤਕ ਤਕਲੀਫਾਂ ਦਾ ਰੂਪ ਧਾਰਣ ਕਰ ਲੈਂਦੀਆਂ ਹਨ ਤੇ ਦੂਜੇ ਪਾਸੇ ਇਨ੍ਹਾਂ ਦੇ ਇਲਾਜ਼ ਲਈ ਵਰਤੇ ਤੇਜ਼ ਤੇ ਜ਼ਹਿਰੀਲੇ ਰਸਾਇਣਾਂ ਨੂੰ ਸ਼ਰੀਰ ਵਿਚੋਂ ਖਾਰਜ ਕਰਦਿਆਂ ਚਮੜੀ, ਆਂਤੜੀਆਂ ਤੇ ਗੁਰਦੇ ਆਦਿ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋ ਜਾਂਦੇ ਹਨ। ਗੱਲ ਕੀ, ਬੀਮਾਰ ਮਨੁੱਖ ਆਖ਼ਰੀ ਦਮ ਤੀਕਰ ਬੀਮਾਰੀਆ ਨਾਲ ਪੀੜਿਤ ਹੀ ਰਹਿੰਦਾ ਹੈ।
ਹੋਮਿਓਪੈਥਿਕ ਪ੍ਰਣਾਲੀ ਇਸ ਤਰਾਂ ਦੇ ਔਗੁਣਾਂ ਤੋਂ ਮੁਕਤ ਹੈ ਕਿਉਂਕਿ ਇਸ ਇਲਾਜ਼ ਰਾਹੀ ਮਨੁੱਖੀ ਸ਼ਰੀਰ ਵਿਚ ਕੋਈ ਦਵਾ-ਪਦਾਰਥ ਪ੍ਰਵੇਸ਼ ਹੀ ਨਹੀਂ ਕਰਦਾ। ਇਸ ਦਾ ਕਾਰਣ ਇਹ ਹੈ ਕਿ ਹੋਮਿਓਪੈਥਿਕ ਦਵਾਈਆਂ ਪੋਟੈਂਸੀ ਰੂਪ ਵਿਚ ਵਰਤੀਆਂ ਜਾਂਦੀਆਂ ਹਨ ਜਿਹਨਾਂ ਵਿਚ ਮਾਤਰਾ ਰੂਪ ਵਿਚ ਕੋਈ ਦਵਾਈ ਹੁੰਦੀ ਹੀ ਨਹੀਂ। ਦੂਜੇ ਸ਼ਬਦਾਂ ਵਿਚ ਇਹਨਾਂ ਦਵਾਈਆਂ ਵਿਚ ਦਵਾ-ਪਦਾਰਥ ਧਨ ਰੂਪ ਵਿਚ ਭਾਵ ਗ੍ਰਾਮਾਂ ਜਾਂ ਮਿਲੀਗ੍ਰਾਮਾਂ ਵਿਚ ਨਹੀਂ ਪਏ ਹੁੰਦੇ ਸਗੋਂ ਰਿਣ ਰੂਪ ਵਿਚ ਉਹਨਾਂ ਦੀ ਪੋਟੈਂਸੀ (ਸ਼ਕਤੀ) ਹੀ ਹੁੰਦੀ ਹੈ। ਪੋਟੈਂਸੀ ਬਨਾਉਣ ਵੇਲੇ ਦਵਾ-ਪਦਾਰਥਾਂ ਨੂੰ ਬਾਰ ਬਾਰ ਅਲਕੋਹਲ ਵਿਚ ਘੋਲ ਕੇ ਹਰ ਵਾਰ 100 ਗੁਣਾ ਪਤਲਾ ਕੀਤਾ ਜਾਂਦਾ ਹੈ ਤੇ ਹਰ ਘੋਲ ਨੂੰ ਨਿਸ਼ਚਿਤ ਝਟਕਿਆਂ ਰਾਹੀਂ ਜੋਰ ਨਾਲ ਹਿਲਾਇਆ ਜਾਂਦਾ ਹੈ। ਪੋਟੈਂਸੀ ਪੈਦਾ ਕਰਨ ਦੇ ਇਸ ਢੰਗ ਨਾਲ ਹਰ ਵਾਰ ਦਵਾ ਪਦਾਰਥ ਦੀ ਮਾਤਰਾ ਸੌ ਗੁਣਾ ਘਟਦੀ ਜਾਂਦੀ ਹੈ ਤੇ ਇਸ ਦੀ ਦਵਾ ਸ਼ਕਤੀ ਵਿਚ ਇਸੇ ਅਨੁਪਾਤ ਨਾਲ ਵਾਧਾ ਹੁੰਦਾ ਜਾਂਦਾ ਹੈ। ਇਸ ਤਰਾਂ, ਲੱਗ ਭੱਗ ਬਾਹਰਵੀਂ ਪੋਟੈਂਸੀ ਤੀਕਰ ਪਹੁੰਚਦਿਆਂ ਇਹਨਾਂ ਦਵਾਈਆਂ ਵਿਚ ਠੋਸ ਰੂਪ ਵਿਚ ਕਿਸੇ ਦਵਾ-ਪਦਾਰਥ ਦਾ ਕੋਈ ਅੱਣੁ ਵੀ ਨਹੀਂ ਰਹਿ ਜਾਂਦਾ। ਇਸ ਚਕਿੱਤਸਾ ਵਿਚ ਵਧੇਰੇ ਵਰਤੀ ਜਾਣ ਵਾਲੀ ਪੋਟੈਂਸੀ ਤੀਹ ਹੈ ਜੋ ਜ਼ੀਰੋ ਪਦਾਰਥ ਦੀ ਹੱਦ ਤੋਂ ਕਿਤੇ ਅਗਾਹਾਂ ਹੈ। ਫਿਰ ਇਸ ਤੋਂ ਉੱਤਲੀਆਂ ਪੋਟੈਂਸੀਆਂ ਵਿਚ ਤਾਂ ਕੋਈ ਪਦਾਰਥ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦਵਾ-ਪਦਾਰਥ ਤੋਂ ਰਹਿਤ ਪਰ ਦਵਾ-ਅਸਰ ਨਾਲ ਭਰਪੂਰ ਇਹਨਾਂ ਦਵਾਈਆਂ ਦਾ ਲਾਭਦਾਇਕ ਅਸਰ ਬੀਮਾਰ ਦੇ ਮਿਹਦੇ ਵਿਚ ਜਾਣ ਤੋਂ ਪਹਿਲਾਂ ਪਹਿਲਾਂ ਹੀ ਉਸ ਦੀ ਜੀਹਬਾ ਨੂੰ ਛੋਹ ਕੇ ਪੂਰਾ ਹੋ ਜਾਂਦਾ ਹੈ। ਜ਼ਹਿਰੀਲੇ ਤੇ ਨਾਕਸ ਪਦਾਰਥਾਂ ਤੌਂ ਮੁਕਤ ਹੋਣ ਕਰਕੇ ਇਹ ਦਵਾਈਆਂ ਮੱਨੁਖੀ ਸ਼ਰੀਰ ਨੂੰ ਨੁਕਸਾਨ ਨਹੀਂ ਪਹੁੰਚਾਉਂਦੀਆਂ। ਇਹ ਤਾਂ ਕੇਵਲ ਆਪਣੀ ਅਰੋਗਤਾ ਸ਼ਕਤੀ ਨਾਲ ਹੀ ਸ਼ਰੀਰ ਦੇ ਨੁਕਸਾਂ ਨੂੰ ਦੂਰ ਕਰਦੀਆਂ ਹਨ।
ਹੋਮਿਓਪੈਥਿਕ ਚਿੱਕਿਤਸਾ ਪ੍ਰਣਾਲੀ ਦੇ ਅਨੇਕ ਗੁਣ ਹਨ ਜਿਹਨਾਂ ਕਾਰਣ ਇਹ ਅਧੁਨਿਕ ਤੇ ਵਿਗਿਆਨਿਕ ਸਮਝੀ ਜਾਂਦੀ ਹੈ। ਜੇ ਜਰਾ ਕਲਪਨਾ ਕਰ ਕੇ ਇਕ ਲਿਸਟ ਬਣਾਈਏ ਕਿ ਕਿਸੇ ਸਿਰੇ ਦੀ ਚੰਗੀ ਇਲਾਜ਼ ਪ੍ਰਣਾਲੀ ਵਿਚ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਹਨ ਤਾਂ ਹੋਮਿਓਪੈਥੀ ਵਿਚ ਇਹਨਾਂ ਸਾਰੇ ਮਨ-ਚਾਹੇ ਗੁਣਾਂ ਨਾਲੋਂ ਵੀ ਵਧੇਰੇ ਗੁਣ ਮਿਲਣਗੇ।
ਹੋਮਿਓਪੈਥੀ ਆਪਣੇ ਅਰੰਭ ਤੋਂ ਲੈ ਕੇ ਹੁਣ ਤੀਕ ਆਪਣੇ ਗੁਣਾਂ ਸਦਕਾ ਦੁਨੀਆਂ ਦੇ ਕੋਨੇ ਕੋਨੇ ਵਿਚ ਫੈਲ ਚੁੱਕੀ ਹੈ। ਚੰਗੇ ਮਾੜੇ ਦੀ ਸਮਝ ਰੱਖਣ ਵਾਲੇ ਬਹੁਤ ਸਾਰੇ ਵਿਅਕਤੀਆਂ ਦੇ ਅਪਨਾਉਣ ਨਾਲ ਇਹ ਕੇਵਲ ਦੋ ਸੌ ਸਾਲਾਂ ਦੇ ਥੋੜੇ ਜਿਹੇ ਸਮੇਂ ਵਿਚ ਹੀ ਸੰਸਾਰ ਭਰ ਵਿਚ ਹਰਮਨ ਪਿਆਰੀ ਹੋ ਗਈ ਹੈ। ਚਾਹੇ ਅੱਜ ਕੱਲ ਇਹ ਸਕੂਲਾਂ ਕਾਲਜ਼ਾਂ ਵਿਚ ਕੋਰਸ ਦੇ ਰੂਪ ਵਿਚ ਵੀ ਪੜ੍ਹਾਈ ਜਾਣ ਲੱਗੀ ਹੈ ਪਰ ਸ਼ੁਰੂ ਸ਼ੁਰੂ ਵਿਚ ਇਸ ਵਿਚ ਹੋਰ ਕੀਤਿਆਂ ਨਾਲ ਸਬੰਧਤ ਸਾਧਾਰਣ ਵਿਅਕਤੀਆਂ ਦਾ ਹੀ ਵਧੇਰੇ ਯੋਗਦਾਨ ਰਿਹਾ ਹੈ। ਉਦਾਹਰਨ ਦੇ ਤੌਰ ਤੇ ਪ੍ਰਸਿੱਧ ਜਰਮਨ ਹੋਮਿਓਪੈਥ ਬਿਨਗ਼ਾਜ਼ਨ ਪੇਸ਼ੇ ਵਜੋਂ ਇਕ ਵਕੀਲ ਸਨ ਤੇ ਸਿਰਕੱਢ ਅਮਰੀਕਨ ਹੋਮਿਓਪੈਥ ਡਾ: ਜੇ. ਟੀ. ਕੈਂਟ ਇਕ ਕੈਮਿਸਟ। ਸ਼ੁਰੂ ਵਾਲੇ ਇਹ ਸਾਰੇ ਵਿਅਕਤੀ ਹੋਮਿਓਪੈਥੀ ਦਾ ਕੋਈ ਨਾ ਕੋਈ ਕਮਾਲ ਵੇਖ ਕੇ ਹੀ ਇਸ ਸਿਸਟਮ ਨੂੰ ਪੇਸ਼ੇ ਦੇ ਤੌਰ ਤੇ ਅਪਨਾਉਣ ਲੱਗੇ ਸਨ। ਲੱਗ ਭੱਗ ਹਰੇਕ ਪੁਰਾਣਾ ਹੋਮਿਓਪੈਥ ਆਪਣੇ ਹੋਮਿਓਪੈਥੀ ਵਿਚ ਪ੍ਰੀਵੇਸ਼ ਦਾ ਅਜਿਹਾ ਹੀ ਕੋਈ ਨਾ ਕੋਈ ਪ੍ਰਭਾਵਸ਼ਾਲੀ ਕਾਰਣ ਦੱਸਦਾ ਹੈ।
ਆਮ ਲੋਕਾਂ ਰਾਹੀਂ ਇਸ ਦੇ ਅਪਣਾਏ ਜਾਣ ਤੇ ਤੁਰੰਤ ਪ੍ਰਚਲਤ ਹੋਣ ਦਾ ਇਕ ਵੱਡਾ ਕਾਰਣ ਇਹ ਹੈ ਕਿ ਹੋਮਿਓਪੈਥਿਕ ਸਿਸਟਮ ਕੇਵਲ ਅਲਾਮਤਾਂ ਉੱਤੇ ਆਧਾਰਿਤ ਹੈ। ਇਹ ਮਰੀਜ਼ ਨੂੰ ਮਰਜ਼ ਦਾ ਧੁਰਾ ਮੰਨ ਕੇ ਹੀ ਮਰੀਜ਼ ਦਾ ਇਲਾਜ਼ ਕਰਦਾ ਹੈ। ਮਰੀਜ਼ ਆਪਣੀ ਤਕਲੀਫ ਦੇ ਜੋ ਲੱਛਣ ਅਪਣੀ ਬੋਲੀ ਵਿਚ ਕਹਿ ਕੇ ਜਾਂ ਸਮਝਾ ਕੇ ਬਿਆਨ ਕਰਦਾ ਹੈ ਹੋਮਿਓਪੈਥ ਆਪਣਾ ਅਨੁਭਵ ਵਰਤ ਕੇ ਉਹਨਾਂ ਅਨੁਸਾਰ ਹੀ ਉਸ ਦੀ ਦਵਾਈ ਚੁਣਦਾ ਹੈ। ਇਸ ਵਿਚ ਇਲਾਜ਼ ਸ਼ੁਰੂ ਕਰਨ ਤੋਂ ਪਹਿਲਾਂ ਟੈਸਟਾਂ ਆਦਿ ਰਾਹੀਂ ਬਿਮਾਰੀ ਲੱਭਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਬਿਮਾਰੀ ਦਾ ਨਾਮ ਮਾਲੂਮ ਕਰਨਾ ਮਹੱਤਵਪੂਰਣ ਹੁੰਦਾ ਹੈ। ਇਸ ਵਿਚ ਤਾਂ ਇਲਾਜ਼ ਦਾ ਨਿਸ਼ਾਨਾ ਖੁਦ ਬੀਮਾਰ ਵਿਅਕਤੀ ਰਾਹੀਂ ਦੱਸੇ ਗਏ ਮਾਨਸਿਕ ਤੇ ਸ਼ਰੀਰਕ ਸਿੰਪਟਮ ਹੁੰਦੇ ਹਨ ਜੋ ਉਸ ਦੀ ਸਿਹਤ ਵਿਚ ਪਏ ਵਿਕਾਰਾਂ ਦਾ ਪ੍ਰਗਟਾਵਾ ਕਰਦੇ ਹਨ। ਬੱਸ ਰੋਗੀ ਦੀਆਂ ਅਲਾਮਤਾਂ ਨੂੰ ਦਵਾਈ ਦੀ ਤਸਵੀਰ ਨਾਲ ਮਿਲਾ ਕੇ ਹੋਮਿਓਪੈਥੀ ਨਿਯਮਾਂ ਅਨੁਸਾਰ ਦਵਾਈ ਤਹਿ ਕਰ ਦਿਤੀ ਜਾਂਦੀ ਹੈ। ਹੋਮਿਓਪੈਥਿਕ ਇਲਾਜ਼ ਦੇ ਕੰਮ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਤਾਂ ਕੇਵਲ ਮੈਟੀਰੀਆ ਮੈਡੀਕਾ ਤੇ ਫਿਲਾਸਫੀ ਵਿਚ ਨਿਪੁੰਨਤਾ ਹੀ ਸਭ ਤੋਂ ਜਰੂਰੀ ਚੀਜ਼ ਸਮਝੀ ਜਾਂਦੀ ਹੈ। ਇਹਨਾਂ ਦੋ ਗੱਲਾਂ ਵਿਚ ਮਾਹਿਰ ਹੋਮਿਓਪੈਥ ਹੀ ਤਰਕਸੰਗਤ ਸੋਚ ਰਾਹੀਂ ਇਸ ਵਿਗਿਆਨਕ ਮੈਡੀਕਲ ਵਿਧੀਚਾਰੇ ਨੂੰ ਲਾਗੂ ਕਰਣ ਦੇ ਸਮਰੱਥ ਹੋ ਸਕਦਾ ਹੈ।
ਪੁਸਤਕ ਸੋ ਦੁਖ ਕੈਸਾ ਪਾਵੈ ਹੋਮਿਓਪੈਥੀ ਦੇ ਇਹਨਾਂ ਗੁਣਾਂ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ।